ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ,ਲੋਕਤੰਤਰ ਦਾ ਹੈ!

ਮਨਦੀਪ ਖੁਰਮੀ ਹਿੰਮਤਪੁਰਾ
ਸਾਧੂ ਸਿੰਘ ਤਖਤੂਪੁਰਾ ਬੇਸ਼ੱਕ ਮੋਗਾ ਜਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਪਿੰਡ ਤਖਤੂਪੁਰਾ ਦਾ ਹੀ ਜੰਮਪਲ ਸੀ ਪਰ ਜਿੱਥੇ ਅੱਜ ਉਸਨੂੰ ‘ਲੋਕ ਨਾਇਕ’ ਜਾਂ ‘ਕਿਸਾਨ ਲਹਿਰ ਦਾ ਸ਼ਹੀਦ’ ਦੇ ਰੁਤਬੇ ਨਾਲ ਲੋਕਾਂ ਵੱਲੋਂ ਨਿਵਾਜਿਆ ਗਿਐ ਉੱਥੇ ਉਸਦੇ ਕਤਲ ਨੇ ਪੰਜਾਬ ਅੰਦਰ ਦਰਸਾ ਦਿੱਤੈ ਕਿ ਤੁਹਾਡੇ ਹੱਕਾਂ ਉੱਪਰ ਝਪਟਣ ਲਈ ਸਿਆਸੀ ਸਰਪ੍ਰਸਤੀ ਪ੍ਰਾਪਤ ਸਰਮਾਏਦਾਰਾਂ ਦਾ ਲਾਣਾ ਆਪਣੀ ਪੁਰਾਣੀ ‘ਆਦਤ’ ਤੋਂ ਬਾਜ ਨਹੀਂ ਆਉਂਦਾ।
ਸਾਧੂ ਸਿੰਘ ਤਖਤੂਪੁਰਾ ਇੱਕ ਨਿਰਾਪੁਰਾ ਸਾਫਾ- ਬੰਨ੍ਹ ਕਿਸਾਨ ਹੀ ਨਹੀਂ ਸੀ ਬਲਕਿ ਅਧਿਐਨ ਪਸੰਦ ਰਿਟਾਇਰਡ ਅਧਿਆਪਕ ਵੀ ਸੀ। ਇੱਕ ਸੁਚੱਜਾ ਆਗੂ ਵੀ ਸੀ ਤੇ ਨਿੱਡਰ- ਬੇਬਾਕ ਬੁਲਾਰਾ ਵੀ ਸੀ। ਉਸਦੀ ਇਹੀ ਨਿੱਡਰਤਾ ਤੇ ਸੱਚ ਬੋਲਣ ਦੀ ਆਦਤ ਸਰਮਾਏਦਾਰਾਂ ਦੇ ਪਚੀ ਨਹੀਂ। ਅਸੀਂ ਉਸ ਸਾਧੂ ਸਿੰਘ ਤਖਤੂਪੁਰਾ ਦੀ ਗੱਲ ਕਰ ਰਹੇ ਹਾ ਜੋ ਅਜ਼ਨਾਲਾ ਖੇਤਰ ਦੇ ਪਿੰਡਾਂ ‘ਚ ਕਿਸਾਨ ਸੁੱਖਾ ਸਿੰਘ ਸਾਰੰਗਦੇਵ ਦੇ ਕਤਲ ਖਿਲਾਫ ਵਰਤੀ ਜਾ ਰਹੀ ਸਰਕਾਰੀ ਢਿੱਲਮੱਠ ਅਤੇ ਪਿੰਡ ਸੌੜੀਆਂ ਦੀ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੀ ਜਮੀਨ ਦੀਆਂ ਸਿਆਸੀ ਧੱਕੇਸ਼ਾਹੀ ਨਾਲ ਹਾਕਮ ਧਿਰ ਦੇ ‘ਬੰਦਿਆਂ’ ਵੱਲੋਂ ਗਿਰਦਾਵਰੀਆਂ ਕਰਵਾਉਣ ਦੇ ਵਿਰੋਧ ‘ਚ ਵਿੱਢੇ ਸੰਘਰਸ਼ ਦੌਰਾਨ ਆਪਣੀ ਸੰਭਾਵੀ ਹਾਰ ਤੋਂ ਬੁਖਲਾਏ ਸਿਆਸੀ ਗੁੰਡਿਆਂ ਵੱਲੋਂ ਭਿੰਡੀ ਔਲਖ ਲਾਗੇ ਕੋਹ ਕੋਹ ਕੇ ਕਤਲ ਕੀਤਾ ਗਿਆ ਹੈ। ਇਹ ਉਹ ਸਾਧੂ ਸਿੰਘ ਤਖਤੁਪੁਰਾ ਹੈ ਜਿਸ ਨੇ ਨਾਮਧਾਰੀ ਪਰਿਵਾਰ ‘ਚੋਂ ਉੱਠ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅਤਿ ਜਿੰਮੇਵਾਰਾਨਾ ਅਹੁਦੇ ਸੂਬਾ ਸੰਗਠਨ ਸਕੱਤਰ ਤੱਕ ਪਹੁੰਚਿਆ। ਆਪਣੀਆਂ ਦਲੀਲ ਪੂਰਵਕ ਤਕਰੀਰਾ ਅਤੇ ਭ੍ਰਿਸ਼ਟਾਚਾਰ ‘ਚ ਗਲਤਾਨ ਹੋਏ ਸਿਆਸੀ ਆਗੂਆਂ ਨੂੰ ਲੋਕਾਂ ਦੇ ਇਕੱਠਾਂ ‘ਚ ਨੰਗੇ ਕਰਨ ਦੀ ਮੁਹਾਰਤ ਸਦਕਾ ਸਾਧੂ ਸਿੰਘ ਤਖਤੂਪੁਰਾ ਇੱਕ ਨਿਪੁੰਨ ਸੰਗਠਨ ਕਰਤਾ ਵਜੋਂ ਜਾਣਿਆ ਜਾਦਾ ਸੀ।
ਨਿੱਜੀ ਮੁਫਾਦ ਉਸ ਸਖ਼ਸ਼ ਦੀ ਪਾਕ ਨੀਅਤ ਦਾ ਹਿੱਸਾ ਕਦੇ ਵੀ ਨਹੀਂ ਬਣੇ। ਨਾ ਹੀ ਉਸ ਨੂੰ ਕਿਸਾਨਾਂ ਦੀ ਲਾਮਬੰਦੀ ‘ਚੋਂ ‘ਹੋਰਾਂ’ ਵਾਂਗੂੰ ਕਿਸੇ ਕੁਰਸੀ ਦੀ ਝਾਕ ਸੀ। ਜੇ ਉਸ ਅੰਦਰ ਤੜਪ ਸੀ ਤਾਂ ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਉਹਨਾਂ ਨੂੰ ਦਿਵਾਉਣ ਦੀ ਸੀ। ਸ਼ਾਇਦ ਅੱਜ ਉਸਦੇ ਚਲੇ ਜਾਣ ‘ਤੇ ਕੁਝ ਕੁ ਅਨਸਰ ਕੱਛਾਂ ਵਜਾ ਰਹੇ ਹੋਣ ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਜਿੰਨਾ ਵੀ ਇਸ ਬੂਟੇ ਨੂੰ ਕਿਸੇ ਨੇ ਛਾਗਣਾ ਚਾਹਿਆ ਹੈ ਇਹ ਉਸਤੋਂ ਵੀ ਦੂਣ ਸਵਾਇਆ ਹੋ ਕੇ ਵਧਿਆ ਹੈ। ਪੰਜਾਬ ਤਾਂ ਇੱਕ ਪਾਸੇ ਰਿਹਾ, ਪੂਰੇ ਸੰਸਾਰ ਦੇ ਕੋਨੇ ਕੋਨੇ ‘ਚ ਬੈਠੇ ਪੰਜਾਬੀਆਂ ਨੇ ਸਾਧੂ ਸਿੰਘ ਦੇ ਕਤਲ ਨੂੰ ਦਿਨ ਦਿਹਾੜੇ ‘ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ’ ਦੇਣ ਦੀਆ ਟਾਹਰਾਂ ਮਾਰਨ ਵਾਲੇ ਪਿਉ- ਪੁੱਤਰ ਦੇ ਰਾਜ ‘ਚ ਲੋਕਤੰਤਰ ਦਾ ਕਤਲ ਦੱਸਿਆ ਹੈ। ਬੇਸ਼ੱਕ ਇਸ ਕਤਲ ਦੇ ਮੁੱਖ ਸੂਤਰਧਾਰ ਸਿੱਧੇ ਤੌਰ ‘ਤੇ ਹੀ ਅਕਾਲੀ ਦਲ (ਬ) ਦੇ ਆਗੂ ਵੀਰ ਸਿੰਘ ਲੋਪੋਕੇ ਤੇ ਉਸਦੇ ਭਾਈਵਾਲ ਥਾਣੇਦਾਰ ਹੀ ਗਿਣੇ ਜਾ ਰਹੇ ਹਨ ਅਤੇ ਇਸ ਕਤਲ ਸੰਬੰਧੀ ਕਾਗਰਸ ਵੀ ਬਾਦਲਕਿਆਂ ਨੂੰ ਘੇਰਨ ਦੇ ਸਿਆਸੀ ਦਾਅ ਪੇਚ ਖੇਡ ਰਹੀ ਹੈ ਪਰ ਅਕਾਲੀ ਤਬਕਾ ਤਾਂ ਇਸ ਗੱਲੋਂ ਚਿੰਤਤ ਹੈ ਕਿ ਜੇ ਵੀਰ ਸਿੰਘ ਲੋਪੋਕੇ ਸਚਮੁੱਚ ਹੀ ਦੋਸ਼ੀ ਸਾਬਤ ਹੋ ਗਿਆ ਤਾਂ ਅਕਾਲੀ ਦਲ (ਬ) ਦੀ ਮਿੱਟੀ ਪਲੀਤ ਤਾਂ ਹੋਵੇਗੀ ਹੀ ਜੋ ਕਿਸਾਨ ਵੋਟ ਬੈਂਕ ਉਹਨਾਂ ਤੋਂ ਦੂਰ ਹੋਵੇਗਾ ਉਹ ਵੱਖਰਾ...।
ਇਸ ਕਤਲ ਕੇਸ ਬਾਰੇ ਕਾਂਗਰਸ ਵੀ ਵਧੇਰੇ ਸੁਖੀ ਨਹੀਂ, ਉਹਨਾਂ ਨੂੰ ਅੰਦਰਖਾਤੇ ਇਹੀ ਡਰ ਮਾਰੀ ਜਾ ਰਿਹਾ ਹੈ ਕਿ ਇਹ ਕਤਲ ਕੇਸ ਉਹਨਾਂ ਦੇ ਕਾਂਗਰਸੀ ਸਾਥੀਆਂ ਸਿਰ ਹੀ ਮੜ੍ਹ ਕੇ ਵੀਰ ਸਿੰਘ ਲੋਪੋਕੇ ਵਰਗੇ ਬਚਾ ਨਾ ਲਏ ਜਾਣ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਕਾਂਗਰਸ ਪ੍ਰਧਾਨ ਜੀ ਵੀ ਹਾਅ ਦਾ ਨਾਅਰਾ ਮਾਰਨ ਦੇ ਨਾਲ ਨਾਲ ਅਕਾਲੀਆਂ ਨੂੰ ਬਿਆਨਾਂ ਰਾਹੀਂ ਗੋਡਿਆਂ ਹੇਠਾਂ ਲੈ ਬੈਠੇ, ਪਰ ਇਹ ਵੀ ਜਿਕਰਯੋਗ ਹੈ ਕਿ ਇਹ ਉਹੀ ਕਾਂਗਰਸ ਹੈ ਜਿਸਨੇ ਪਿਛਲੇ ਰਾਜਕਾਲ ਦੌਰਾਨ ਵੀ ਘੱਟ ਨਹੀਂ ਸੀ ਗੁਜ਼ਾਰੀ ਕਿਸਾਨਾਂ ਨਾਲ...। ਜੋਗਾ ਰੱਲਾ ਕਾਂਡ ਵਿੱਚ ਕੁਰਕੀ ਰੋਕਣ ਗਏ ਕਿਸਾਨਾਂ ਦੀਆਂ ਲੱਤਾਂ ਬਾਹਾਂ ਬੇਕਿਰਕੀ ਨਾਲ ਤੋੜੀਆਂ ਗਈਆਂ ਸਨ। ਜੇ ਕਿਸੇ ਨੇ ਕਾਂਗਰਸ ਵੱਲੋਂ ਵਰਤਾਏ ਕਹਿਰ ਬਾਰੇ ਜਾਨਣਾ ਹੋਵੇ ਤਾਂ ਪਿੰਡ ਕੁੱਸਾ ਦੇ ਬਜ਼ੁਰਗ ਕਰਤਾਰ ਸਿੰਘ ਦਾ ਹਾਲ ਪੁੱਛਿਆ ਜਾ ਸਕਦਾ ਹੈ ਜਿਸਦੀਆਂ ਦੋਵੇਂ ਬਾਹਾਂ ਹੀ ਤੋੜ ਦਿੱਤੀਆਂ ਗਈਆਂ ਸਨ। ਬਹੁ ਚਰਚਿਤ ਮੀਨੀਆਂ ਕਾਂਡ ਵੀ ਕਾਂਗਰਸ ਵੇਲੇ ਹੀ ਵਾਪਰਿਆ ਸੀ ਜਿਸ ਵਿੱਚ ਉਦੋਂ ਹੁਣ ਵਾਲੇ ਸਾਧੂ ਸਿੰਘ ਦੇ ਕਤਲ ਵਰਗਾ ਹੀ ਦ੍ਰਿਸ਼ ਪੇਸ਼ ਹੁੰਦਾ ਸੀ ਜਦੋਂ ਕਾਂਗਰਸੀ ਧੜੇ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੀ ਪਿੰਡ ਪਿੰਡ ਰੋਸ ਮੁਜਾਹਰੇ ਕਰ ਰਹੇ ਨਿਹੱਥੇ ਕਿਸਾਨਾਂ ਨੂੰ ਛੱਲੀਆਂ ਵਾਂਗ ਡਾਂਗਾਂ ਨਾਲ ਕੁੱਟਿਆ ਸੀ ਜਦੋਂਕਿ ਮੌਕੇ ਦਾ ਪੁਲਿਸ ਅਫਸਰ ਸਵਰਨ ਸਿੰਘ ਕਿਸਾਨਾਂ ਵੱਲ ਹੀ ਪਿਸਤੌਲ ਤਾਣ ਕੇ ਖੜ੍ਹਾ ਰਿਹਾ ਸੀ। ਉਦੋਂ ਇੱਕ ਪੱਤਰਕਾਰ ਵੀਰ ਤੋਂ ‘ਮੁੱਲ’ ਫੋਟੋਆਂ ਲੈ ਕੇ ਅਕਾਲੀਆਂ ਨੇ ਪੋਸਟਰ ਛਪਵਾ ਕੇ ਪਿੰਡ ਪਿੰਡ ਲਾ ਕੇ ਲੋਕਾਂ ਨੂੰ ਦੱਸਿਆ ਸੀ ਕਿ ਕਾਂਗਰਸ ‘ਬੰਦੇਖਾਣੀ’ ਹੈ ਪਰ ਹੁਣ ਉਸੇ ਅਕਾਲੀ ਲਾਣੇ ਨੂੰ ਕੀ ਕਿਹਾ ਜਾਵੇ ਜਿਸਦੇ ਆਗੂ ਦਾ ਹੀ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਵਿੱਚ ਨਾਂਅ ‘ਬੋਲਦਾ’ ਹੈ।
ਇਸ ਸਭ ਕੁਝ ਦੇ ਚਲਦਿਆਂ ਪੰਜਾਬ ‘ਚ ਹੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੂ ਅਖਵਾਉਂਦੀ ਇੱਕ ਧਿਰ ਵੱਲੋਂ ਸਾਧੂ ਸਿੰਘ ਦੇ ਕਤਲ ਬਾਰੇ ਚੁੱਪੀ ਨਾ ਤੋੜਨਾ ਸਾਂਇਦ ਇਹੀ ਦਰਸਾਉਂਦਾ ਹੈ ਕਿ ਸਾਧੂ ਸਿੰਘ ਦਾ ਕਤਲ ਉਹਨਾਂ ਲਈ ‘ਸ਼ਰੀਕ ਉੱਜੜਿਆ...!’ ਵਾਂਗ ਸਾਬਤ ਹੋਇਆ ਹੋਵੇ। ਸਾਧੂ ਸਿੰਘ ਨੇ ਜਿੰਨੀ ਕੁ ਲੜਾਈ ਕਿਸਾਨ ਹਿਤਾਂ ਲਈ ਲੜੀ ਹੈ ਕਾਬਲੇ ਤਾਰੀਫ ਹੈ ਜਦੋਂਕਿ ਉਕਤ ਆਗੂ ਸਾਹਿਬਾਨ ਨੂੰ ਤਾਂ ਹਾਕਮ ਧਿਰ ਸਰਕਾਰੀ ਪੀਪਣੀ ਵਜੋਂ ਵਰਤ ਰਹੀ ਹੈ। ਜਿਸ ਤਰ੍ਹਾਂ ਦੀ ਫੂਕ ਵੱਜਦੀ ਹੈ ਜਨਾਬ ਵੀ ਐਸੀ ਹੀ ਆਵਾਜ ਆਪਣੇ ਅਖਬਾਰੀ ਬਿਆਨ ਰਾਹੀਂ ਕੱਢ ਦਿੰਦੇ ਹਨ। ਬਸ਼ਰਤੇ ਕਿ ਜਨਾਬ ਨੂੰ ਮਿਲੀ ਸਰਕਾਰੀ ਕੁਰਸੀ ਦੀ ਕਾਇਮੀ ਬਣੀ ਰਹੇ। ਇਹੋ ਜਿਹੇ ਜੁਗਾੜਲਾਊ ਮਾਹੌਲ ਵਿੱਚ ਲਾਲਚ ਰਹਿਤ ਘੋਲ ਵਿੱਚ ਮੌਤ ਦੇ ਮੂੰਹ ਪੈ ਜਾਣਾ ਵੀ ਕੁਰਬਾਨੀ ਸ਼ਬਦ ਨੂੰ ਛੋਟਾ ਜਿਹਾ ਦਿਖਾ ਦਿੰਦਾ ਹੈ। ਇੱਕ ਡਰਾਇੰਗ ਟੀਚਰ ਦੇ ਹੱਥਾਂ ਵਿੱਚ ਰਿਟਾਇਰਮੈਂਟ ਉਪਰੰਤ ਰੰਗਾਂ ਨਾਲ ਅਠਖੇਲੀਆਂ ਕਰਨ ਵਾਲੇ ਬੁਰਸ਼ਾਂ ਦੀ ਜਗ੍ਹਾ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਆ ਜਾਣਾ ਕਾਫੀ ਮਾਅਨੇ ਰੱਖਦਾ ਹੈ। ਜੇ ਚਾਹੁੰਦਾ ਤਾਂ ਸਾਧੂ ਸਿੰਘ ਵੀ ਹੋਰਨਾਂ ਵਾਂਗ ਪੈਨਸ਼ਨ ਨਾਲ ਚੰਗਾ ਨਿਰਬਾਹ ਕਰ ਸਕਦਾ ਸੀ ਪਰ ਲੋਕਾਂ ਲਈ ਆਪਾ ਵਾਰਨ ਦੀ ਪਰਿਵਾਰਕ ਪਿਛੋਕੜ ‘ਚੋਂ ਮਿਲੀ ਸਿੱਖਿਆ ਨੇ ਸਾਧੂ ਸਿੰਘ ਨੂੰ ਸੰਘਰਸ਼ਾ ਦੇ ਰਾਹ ਤੁਰਨ ਲਈ ਪ੍ਰੇਰਿਆ। ਉਹਨਾਂ ਦਾ ਹਾਈ ਸਕੂਲ ਭਾਗੀਕੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਹਨਾਂ ਨੂੰ ਸ਼ਰਧਾ ਪੁਸ਼ਪ ਅਰਪਣ ਕਰਦਾ ਹੋਇਆ ਉਹਨਾਂ ਦੇ ਕਾਤਲਾਂ ਅਤੇ ਉਹਨਾਂ ਦੇ ‘ਚਲੇ’ ਜਾਣ ਤੋਂ ਬਾਦ ਲੁੱਡੀਆਂ ਪਾ ਰਹੇ ਟੋਲੇ ਨੂੰ ਆਗਾਹ ਕਰਦਾ ਹਾਂ ਕਿ ਇਹ ਤਾਂ ਸਿਰਫ ਇੱਕ ਸਾਧੂ ਸਿੰਘ ਖੁਦ ਲੋਕਾਂ ਦੀਆਂ ਨਜ਼ਰਾਂ ਤੋਂ ‘ਪਰ੍ਹੇ’ ਹੋਇਆ ਹੈ। ਉਸ ਦੀ ਸੂਝ ਬੂਝ ਜ਼ਰੀਏ ਵਿਚਾਰਧਾਰਕ ਤੌਰ ‘ਤੇ ਪੈਦਾ ਹੋਏ ਅਨੇਕਾਂ ਸਾਧੂ ਸਿੰਘ ਉਸ ਰਾਹ ‘ਤੇ ਆਣ ਖੜ੍ਹੇ ਹੋਣਗੇ ਜਿਸ ਰਾਹ ਤੋਂ ਉਸਨੂੰ ਕਤਲ ਕਰਕੇ ‘ਮੋੜ ਦਿੱਤਾ’ ਸਮਝਿਆ ਜਾ ਰਿਹਾ ਹੈ। ਇਹ ਕਾਤਲਾ ਦਾ ਵਹਿਮ ਹੋਵੇਗਾ ਕਿਉਂਕਿ ਸਾਧੂ ਸਿੰਘ ਸਰੀਰਕ ਤੌਰ ‘ਤੇ ਕਤਲ ਕਰ ਦਿੱਤਾ ਗਿਆ ਹੈ ਜਦੋਂਕਿ ਉਹ ਵਿਚਾਰ ਬਣਕੇ ਲੋਕ ਮਨਾਂ ‘ਚ ਵਸ ਚੁੱਕਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵਿਚਾਰਾਂ ਦੇ ਤੂਫਾਨ ਝੁੱਲਦੇ ਹਨ ਤਾਂ ਤਖਤਾਂ ਤਾਜਾਂ ਨੂੰ ਵੀ ਵਖਤ ਪੈ ਜਾਂਦੇ ਹਨ। ਅੰਨਦਾਤੇ ਸਿਰ ਜਿੱਤ ਦਾ ਸਿਹਰਾ ਸਜੇ...... ਆਮੀਨ।

No comments:

Post a Comment